ਅੰਮ੍ਰਿਤਸਰ, ( ਪੱਤਰ ਪ੍ਰੇਰਕ ) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕਮਾਸਕਾ ‘ਚ ਵਾਪਰੇ ਦੋਹਰੇ ਕਤਲ ਕੇਸ ‘ਚ ਇਨਸਾਫ ਲੈਣ ਲਈ ਪੀੜਿਤ ਸਰਦਾਰ ਤਰਸੇਮ ਸਿੰਘ ਨੇ ਡੈਪੂਟੇਸ਼ਨ ਸਮੇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨਾਲ ਰਸਮੀ ਤੌਰ ‘ਤੇ ਮੁਲਾਕਾਤ ਕੀਤੀ ।
ਇਸ ਮੁਲਾਕਾਤ ਦੌਰਾਨ ਪੰਚਾਇਤ ਪਿੰਡ ਕਮਾਸਕਾ ਦੇ ਸਰਪੰਚ ਜਸਪਾਲ ਕੌਰ ਦੇ ਪਤੀ ਪੀੜਤ ਤਰਸੇਮ ਸਿੰਘ ਨੇ ਦੱਸਿਆ ਕਿ ਮੇਰੇ ਸਕੇ ਭਰਾ ਪ੍ਰੇਮ ਸਿੰਘ ਗਿੱਲ ਅਤੇ ਕੁਲਦੀਪ ਕੌਰ ਪਤਨੀ ਬਲਵਿੰਦਰ ਸਿੰਘ ਦਾ ਪੰਚਾਇਤੀ ਚੋਣਾਂ ਹਿੱਸਾ ਲੈਣ ਦੀ ਵਜ੍ਹਾ ਕਰਕੇ ਉੱਚ ਜਾਤੀ ਦੇ ਲੋਕਾਂ ਦੁਆਰਾ ਕਤਲ ਕਰ ਦਿੱਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਕਤਲ ਦੇ ਦੋਸ਼ ਹੇਠ ਉੱਚ ਜਾਤ ਨਾਲ ਸਬੰਧਿਤ 27 ਦੇ ਕਰੀਬ ਵਿਅਕਤੀਆਂ ਨੂੰ ਪੁਲਿਸ ਨੇ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਹੈ।
ਉਹਨਾਂ ਨੇ ਕਮਿਸ਼ਨ ਦੇ ਧਿਆਨ ‘ਚ ਲਿਆਂਦਾ ਹੈ ਕਿ ਪੁਲਿਸ ਥਾਣਾ ਲੋਪੋਕੇ ਨੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦਿਆਂ ਕਤਲ ਕੇਸ ‘ਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਸਸੀ ਐਕਟ ਤਹਿਤ ਕਾਰਵਾਈ ਨਾ ਕਰਦਿਆਂ ਫ਼ਰਜ਼ ‘ਚ ਕੌਤਾਹੀ ਕੀਤੀ ਹੈ।
ਸ਼ਿਕਾਇਤ ਕਰਤਾ ਧਿਰ ਸਰਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਹੱਕ ‘ਚ ਭੁਗਤਦਿਆਂ ਮੇਰੀ 13 ਸਾਲ ਦੀ ਧੀ ਅਤੇ ਮੇਰੇ ਮ੍ਰਿਤਕ ਭਰਾ ਪ੍ਰੇਮ ਸਿੰਘ ਗਿੱਲ ਦਾ 17 ਸਾਲ ਦਾ ਲੜਕਾ ਸੁਖਰਾਮ ਸਿੰਘ ਫਰਜੀ ਤੌਰ ‘ਤੇ ਤਿਆਰ ਕੀਤੇ ਕਰਾਸ ਮੁਕਦਮੇ ‘ਚ ਦੋਸ਼ੀ ਵਜੋਂ ਨਾਮਜ਼ਦ ਕਰਕੇ ਤਫਤੀਸ਼ੀ ਅਫਸਰ ਨੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ।
ਪੀੜਿਤ ਧਿਰ ਦਾ ਪੱਖ ਸੁਣ ਉਪਰੰਤ ਪ੍ਰਾਪਤ ਕੀਤੀ ਸ਼ਿਕਾਇਤ ਨੂੰ ਸਵੀਕਾਰ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ਇਟਾਂਵਾਲੀ ਨੇ ਦੱਸਿਆ ਕਿ ਪੁਲਿਸ ਥਾਣਾ ਲੋਪੋਕੇ ਨੇ ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਦੋ ਨਬਾਲਿਕ ਤਿੰਨ ਨਿਰਦੋਸ਼ ਭੈਣ ਭਰਾ ਨੂੰ ਕਤਲ ਕੇਸ ਚ ਦੋਸ਼ੀ ਧਿਰ ਵਜੋਂ ਨਾਮਜ਼ਦ ਕੀਤੇ ਵਿਅਕਤੀਆਂ ਤਰਫੋਂ ਦੋਸ਼ੀ ਬਣਾ ਕੇ ਬੜੀ ਵੱਡੀ ਅਣਗਹਿਲੀ ਤੋਂ ਕੰਮ ਲਿਆ ਹੈ।
ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਪੁਲਿਸ ਨੇ ਐਸੀ ਐਸਟੀ ਤਹਿਤ ਦੋਸ਼ੀਆਂ ਵਿਰੁੱਧ ਧਾਰਾ ਨਾ ਲਗਾ ਕੇ ਆਪਣੀ ਭੂਮਿਕਾ ਨੂੰ ਸ਼ੱਕੀ ਬਣਾ ਲਿਆ ਹੈ।
ਮੈਂਬਰ ਇੱਟਾਂਵਾਲੀ ਨੇ ਕਿਹਾ ਕਿ ਤਫਤੀਸ਼ੀ ਅਫਸਰ ਵਿਰੁੱਧ ਵਿਭਾਗੀ ਜਾਂਚ ਬਿਠਾਉਣ, ਐਸਸੀ ਐਕਟ ਅਨੁਸਾਰ ਜੁਰਮ ‘ਚ ਵਾਧਾ ਕਰਨ ਅਤੇ ਦੋਵੇਂ ਮਾਸੂਮ ਬੱਚਿਆਂ ਦੇ ਮਾਮਲੇ ‘ਚ ਐਸਐਸਪੀ ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਤੋਂ ਰਿਪੋਰਟ ਤਲਬ ਕੀਤੀ ਜਾ ਰਹੀ ਹੈ।
ਇਸ ਮੌਕੇ ਪੀਏ ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ, ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ ਸਤਨਾਮ ਸਿੰਘ ਗਿੱਲ, ਚੇਅਰਮੈਨ ਪੰਜਾਬ ਮੁਹੋਬਤ ਮੇਹਰਬਾਨ ਮੀਆਂ ਵਿੰਡ, ਲਖਵਿੰਦਰ ਸਿੰਘ ਅਟਾਰੀ, ਪੀਆਰੳ ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਮਹਾਂਕਾਲ ਜਥੇਦਾਰ ਬਾਬਾ ਪਰਮਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Leave a Reply